Wednesday 3 April 2019

Fazilka :- ਕਣਕ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਅਲਾਟ ਕੀਤੇ ਖ਼ਰੀਦ ਕੇਂਦਰ

ਡਿਪਟੀ ਕਮਿਸ਼ਨਰ ਨੇ ਕਣਕ ਖ਼ਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਅਲਾਟ ਕੀਤੇ ਖ਼ਰੀਦ ਕੇਂਦਰ


X Media Punjab
ਫ਼ਾਜ਼ਿਲਕਾ :- ਕਣਕ ਦੀ ਨਿਰਵਿਘਨ ਖ਼ਰੀਦ ਯਕੀਨੀ ਬਣਾਉਣ ਅਤੇ ਕਿਸਾਨਾਂ ਨੂੰ ਖੱਜਲ-ਖੁਆਰੀ ਰਹਿਤ ਵਾਤਾਵਰਣ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਦੇ ਨਿਰਦੇਸ਼ਾਂ 'ਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਮੂਹ ਖ਼ੁਰਾਦ ਤੇ ਸਿਵਲ ਸਪਲਾਈ ਇੰਸਪੈਕਟਰਾਂ ਨੂੰ ਆਪਣੀ ਡਿਊਟੀ ਦੇ ਨਾਲ-ਨਾਲ ਜ਼ਿਲ੍ਹੇ ਦੇ ਸਮੂਹ ਖ਼ਰੀਦ ਕੇਂਦਰਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਅਗਾਊਂ ਪ੍ਰਬੰਧਾਂ ਤਹਿਤ ਖ਼ੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਮੰਡੀਆਂ ਵਿੱਚ ਕਿਸਾਨਾਂ ਨੂੰ ਫ਼ਸਲ ਦਾ ਘੱਟੋ-ਘੱਟ ਖ਼ਰੀਦ ਮੁੱਲ ਮਿਲਣਾ, ਅਦਾਇਗੀ ਅਤੇ ਚੁਕਾਈ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਇਹ ਖ਼ਰੀਦ ਨਿਰੀਖਕ ਆਪਣੇ ਅਧੀਨ ਮੰਡੀਆਂ 'ਚ ਦਾਮੀ ਅਤੇ ਲੋਡਿੰਗ ਦਾ ਇੰਦਰਾਜ ਪੀ.ਐਫ਼.ਐਮ.ਐਸ. ਪੋਰਟਲ 'ਤੇ ਕਰਨਾ ਅਤੇ ਮੁੱਖ ਦਫ਼ਤਰ ਵੱਲੋਂ ਖ਼ਰੀਦ ਸਬੰਧੀ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਪਾਬੰਦ ਹੋਣਗੇ। ਉਨ੍ਹਾਂ ਖ਼ੁਰਾਕ ਇੰਸਪੈਕਟਰਾਂ ਨੂੰ ਆਪਣੀ-ਆਪਣੀ ਡਿਊਟੀ ਵਾਲੀ ਮੰਡੀ ਵਿੱਚ ਤੁਰੰਤ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਖ਼ੁਰਾਕ ਤੇ ਸਪਲਾਈ ਅਫ਼ਸਰਾਂ/ਸਹਾਇਕ ਖ਼ੁਰਾਕ ਤੇ ਸਪਲਾਈ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਕਰਮਚਾਰੀਆਂ ਦੀ ਮੰਡੀਆਂ ਵਿੱਚ ਹਾਜ਼ਰੀ ਰਿਪੋਰਟ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਦਫ਼ਤਰ ਨੂੰ ਭੇਜਣ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਖ਼ਰੀਦ ਵਿੱਚ ਕਿਸੇ ਕਿਸਮ ਦੀ ਔਕੜ ਨਹੀਂ ਆਉਣੀ ਚਾਹੀਦੀ। ਡਿਪਟੀ ਕਮਿਸ਼ਨਰ ਨੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣਾ ਮੋਬਾਈਲ ਫ਼ੋਨ ਹਰ ਸਮੇਂ ਚਾਲੂ ਰੱਖਣ ਅਤੇ ਮੰਡੀਆਂ ਵਿੱਚ ਹਾਜ਼ਰੀ ਯਕੀਨੀ ਬਣਾਉਣ ਦੇ ਨਾਲ-ਨਾਲ ਖ਼ਰੀਦ ਸਬੰਧੀ ਪਬੰਧ ਮੁਕੰਮਲ ਕਰਨ।
ਇਸ ਦੌਰਾਨ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਦੀਵਾਨ ਚੰਦ ਸ਼ਰਮਾ ਨੇ ਦੱਸਿਆ ਕਿ ਰਬੀ ਸੀਜ਼ਨ 2019-20 ਦੌਰਾਨ ਖ਼ੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਪ੍ਰੀਤਮ ਨੂੰ ਆਪਣੀ ਮੌਜੂਦਾ ਡਿਊਟੀ ਦੇ ਨਾਲ-ਨਾਲ ਖ਼ਰੀਦ ਕੇਂਦਰ ਫ਼ਾਜ਼ਿਲਕਾ ਦਾ ਚਾਰਜ, ਲਖਵੀਰ ਸਿੰਘ ਨੂੰ ਖਿਊ ਵਾਲੀ ਢਾਬ, ਅਰੁਣ ਗੁਪਤਾ ਨੂੰ ਘਟਿਆਂਵਾਲੀ ਜੱਟਾਂ, ਰਚਿਤ ਸਚਦੇਵਾ ਨੂੰ ਬੇਗਾਂ ਵਾਲੀ, ਗਗਨਦੀਪ ਨੂੰ ਰਾਮਕੋਟ, ਸੱਤਿਆ ਕਾਂਤ ਨੂੰ ਟਾਹਲੀ ਵਾਲਾ ਜੱਟਾਂ, ਅਰੁਣ ਕੁਮਾਰ ਨੂੰ ਸਾਬੂਆਣਾ, ਧਰਮ ਚੰਦ ਨੂੰ ਚੱਕ ਪੱਖੀ, ਕਰਮ ਚੰਦ ਨੂੰ ਟਾਹਲੀ ਵਾਲਾ ਬੋਦਲਾ, ਬਲਜੀਤ ਸਿੰਘ ਨੂੰ ਕਰਨੀਖੇੜਾ, ਸੁਖਵਿੰਦਰ ਕੁਮਾਰ ਨੂੰ ਪੱਕਾ ਚਿਸ਼ਤੀ, ਵਿਜੈ ਕੁਮਾਰ ਨੂੰ ਸੈਣੀਆਂ, ਵਿਪਿਨ ਕੁਮਾਰ ਨੂੰ ਬੰਨਵਾਲਾ ਹੰਨਵੰਤਾ, ਭੁਪਿੰਦਰ ਸਿੰਘ ਅਤੇ ਸ਼ਿਵਰਾਜ ਨੂੰ ਅਬੋਹਰ, ਬਲਦੇਵ ਸਿੰਘ ਨੂੰ ਬਹਾਵ ਵਾਲਾ, ਜਗਦੀਪ ਸਿੰਘ ਨੂੰ ਮੁਰਾਦਵਾਲਾ, ਜਗਦੀਪ ਸਿੰਘ ਨੂੰ ਧਰਾਂਗਵਾਲਾ, ਭੁਪਿੰਦਰ ਸਿੰਘ ਨੂੰ ਭਾਗੂ, ਮਹਿੰਦਰ ਕੁਮਾਰ ਨੂੰ ਬਹਾਵਲ ਵਾਸੀ, ਪਵਨ ਕੁਮਾਰ ਨੂੰ ਬਹਾਦਰ ਖੇੜਾ, ਅਮਿਤ ਅਹੁਜਾ ਨੂੰ ਦੋਦੇ ਵਾਲਾ, ਮੁਨੀਸ਼ ਨਾਰੰਗ ਨੂੰ ਨਰਾਇਣ ਪੁਰਾ, ਰਣਬੀਰ ਕੁਮਾਰ ਨੂੰ ਬੱਲੂਆਣਾ, ਅਨੁਪਮ ਨੂੰ ਪੰਜਕੋਸੀ, ਵੇਦ ਪ੍ਰਕਾਸ਼ ਅਤੇ ਹੀਰਾ ਲਾਲ ਸਿੰਘ ਨੂੰ ਜਲਾਲਾਬਾਦ, ਰਾਜਵਿੰਦਰ ਪਾਲ ਨੂੰ ਮੋਰਾਂ ਵਾਲੀ, ਮਹਿੰਦਰ ਪਾਲ ਨੂੰ ਪ੍ਰਭਾਤ ਸਿੰਘ ਵਾਲਾ, ਸੁਨੀਲ ਗੁੰਬਰ ਨੂੰ ਘੁਬਾਇਆ, ਰਜਿੰਦਰ ਪਾਲ ਨੂੰ ਲੱਧੂਵਾਲਾ ਉਤਾੜ ਅਤੇ ਇੰਸਪੈਕਟਰ ਛਿੰਦਰ ਸਿੰਘ ਨੂੰ ਚੱਕ ਅਰਨੀ ਵਾਲਾ ਖ਼ਰੀਦ ਕੇਂਦਰ ਵਿਖੇ ਸਮੁੱਚੇ ਪ੍ਰਬੰਧ ਵੇਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

No comments:

Post a Comment