Sunday 31 March 2019

Fazilka :- ਵੋਟਰ ਜਾਗਰੂਕਤਾ ਮੈਰਾਥਨ ਚ ਮੁੰਡਿਆ ਦੇ ਨਾਲ ਕੁੜੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਲਾਈ ਰੇਸ

ਵੋਟਰ ਜਾਗਰੂਕਤਾ ਮੈਰਾਥਨ 'ਚ ਹਜ਼ਾਰਾਂ ਲੋਕਾਂ ਹੋਏ ਸ਼ਾਮਿਲ


* ਡਿਪਟੀ ਕਮਿਸ਼ਨਰ ਨੇ ਵਿਖਾਈ 5 ਤੇ 10 ਕਿਲੋਮੀਟਰ ਦੇ ਮੁਕਾਬਲੇਬਾਜ਼ਾਂ ਨੂੰ ਹਰੀ ਝੰਡੀ, ਖੁਦ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਲਗਾਈ 100 ਮੀਟਰ ਦੋੜ


* ਮੈਰਾਥਨ ਦੌੜਾਂ ਦੇ ਪਹਿਲੇ ਤਿੰਨ ਜੇਤੂਆਂ ਲਈ ਕ੍ਰਮਵਾਰ 3100, 2100 ਅਤੇ 1100 ਰੁਪਏ ਦੇ ਇਨਾਮ, ਸਰਟੀਫ਼ਿਕੇਟਾਂ ਤੇ ਤਮਗ਼ਿਆਂ ਨਾਲ ਕੀਤਾ ਗਿਆ ਸਨਮਾਨਿਤ


ਫਾਜ਼ਿਲਕਾ (ਹਰਪ੍ਰੀਤ ਸਿੰਘ ਪੰਨੂ)।
ਫਾਜ਼ਿਲਕਾ ਵੋਟਰ ਜਾਗਰੂਕਤਾ ਮੈਰਾਥਨ' ਦੌਰਾਨ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਭਾਗ ਲੈ ਕੇ ਫ਼ਾਜ਼ਿਲਕਾ ਵਾਸੀਆਂ ਦੀ ਸਿਹਤ ਪ੍ਰਤੀ ਜਾਗਰੂਕਤਾ ਦਾ ਸਬੂਤ ਦਿੱਤਾ। ਵੋਟ ਹੱਕ ਅਤੇ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮਨਸ਼ੇ ਨਾਲ ਜ਼ਿਲ੍ਹਾ ਫ਼ਾਜ਼ਿਲਕਾ ਪ੍ਰਸ਼ਾਸਨ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ 5 ਅਤੇ 10 ਕਿਲੋਮੀਟਰ ਦੀਆਂ ਮੈਰਾਥਨ ਦੌੜਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਜੁੜੇ ਖਿਡਾਰੀਆਂ ਨੂੰ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਖ਼ੁਦ ਵੀ 100 ਮੀਟਰ ਦੀ ਦੌੜ ਲਗਾਈ। 100 ਮੀਟਰ ਦੀ ਦੌੜ ਵਿੱਚ ਪ੍ਰਾਸ਼ਸਨਿਕ ਅਧਿਕਾਰੀਆਂ ਤੋਂ ਇਲਾਵਾ ਐਸ.ਡੀ.ਐਮ. ਫ਼ਾਜ਼ਿਲਕਾ ਸੁਭਾਸ਼ ਖਟਕ, ਐਸ.ਡੀ.ਐਮ. ਅਬੋਹਰ ਪੂਨਮ ਸਿੰਘ ਅਤੇ ਐਸ.ਡੀ.ਐਮ. ਜਲਾਲਾਬਾਦ ਸ਼੍ਰੀ ਕੇਸ਼ਵ ਗੋਇਲ ਉਚੇਚੇ ਤੌਰ 'ਤੇ ਸ਼ਾਮਲ ਹੋਏ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਦਮ ਨੂੰ ਸਫ਼ਲ ਬਣਾਉਣ ਲਈ ਫ਼ਾਜ਼ਿਲਕਾ ਵਾਸੀਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਲੋਕਾਂ ਦੇ ਪਿਆਰ ਦੇ ਮੱਦੇਨਜ਼ਰ ਅਜਿਹੇ ਸਮਾਗਮ ਹਰ ਸਾਲ ਉਲੀਕੇ ਜਾਣਗੇ। ਜ਼ਿਲ੍ਹੇ ਵਿੱਚ ਵੱਡੀ ਪੱਧਰ 'ਤੇ ਉਲੀਕੀ ਗਈ ਇਸ ਮੈਰਾਥਨ ਦੌੜ ਵਿੱਚ 5 ਅਤੇ 10 ਕਿਲੋਮੀਟਰ ਵਰਗਾਂ ਦੇ ਦੋਵੇਂ ਪਹਿਲੇ ਸਥਾਨ ਕੁਲਵਿੰਦਰ ਸਿੰਘ ਅਤੇ ਦੋਵੇਂ ਤੀਜੇ ਸਥਾਨ ਸੁਖਵਿੰਦਰ ਸਿੰਘ ਨੇ ਫੁੰਡੇ। ਇਸੇ ਤਰ੍ਹਾਂ 5 ਕਿਲੋਮੀਟਰ ਮੈਰਾਥਨ ਵਿੱਚ ਦੂਜੀ ਥਾਂ 'ਤੇ ਸੁਰਿੰਦਰ ਸਿੰਘ ਰਿਹਾ ਜਦਕਿ 10 ਕਿਲੋਮੀਟਰ ਵਰਗ ਵਿੱਚ ਰਛਪਾਲ ਸਿੰਘ ਨੂੰ ਦੂਜਾ ਸਥਾਨ ਮਿਲਿਆ। ਲੜਕੀਆਂ ਦੀ 5 ਕਿਲੋਮੀਟਰ ਮੈਰਾਥਨ ਦੌੜ ਵਿੱਚ ਕਾਜਲ ਰਾਣੀ ਨੂੰ ਪਹਿਲਾ, ਅਮਰਪਾਲ ਕੌਰ ਨੂੰ ਦੂਜਾ ਅਤੇ ਕੁਲਵਿੰਦਰ ਕੌਰ ਨੂੰ ਤੀਜਾ ਸਥਾਨ ਮਿਲਿਆ। ਪਹਿਲੇ ਤਿੰਨ ਜੇਤੂਆਂ ਨੂੰ ਕ੍ਰਮਵਾਰ 3100, 2100 ਅਤੇ 1100 ਰੁਪਏ ਦੇ ਨਗਦ ਇਨਾਮ, ਸਰਟੀਫ਼ਿਕੇਟ ਅਤੇ ਤਮਗ਼ੇ ਦਿੱਤੇ ਗਏ ਜਦਕਿ ਦੋਵਾਂ ਵਰਗਾਂ ਵਿੱਚ ਭਾਗ ਲੈਣ ਵਾਲੇ ਸਾਰੇ ਮੁਕਾਬਲੇਬਾਜ਼ਾਂ ਨੂੰ ਟੀ-ਸ਼ਰਟਾਂ, ਬਿੱਬ, ਸਰਟੀਫ਼ਿਕੇਟ ਤੇ ਰਿਫ਼ਰੈਸ਼ਮੈਂਟ ਦਿੱਤੀ ਗਈ।
ਇਸ ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਸਾਰੇ ਬੱਚਿਆਂ ਨੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਜਿੱਥੇ ਈਮਾਨਦਾਰੀ ਨਾਲ ਦੌੜ ਪੂਰੀ ਕੀਤੀ, ਉਥੇ ਸਟੇਡੀਅਮ ਅਤੇ ਦੌੜ ਦੇ ਰੂਟ 'ਚ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ। ਕੌਮਾਂਤਰੀ ਸਰਹੱਦ ਵੱਲ ਦੌੜ ਦੇ ਰਸਤੇ ਵਿੱਚ ਥਾਂ-ਥਾਂ 'ਤੇ ਲਾਈਆਂ ਗਈਆਂ ਪੀਣਯੋਗ ਪਾਣੀ ਤੇ ਰਿਫ਼ਰੈਸ਼ਮੈਂਟ ਦੀਆਂ ਸਟਾਲਾਂ ਤੋਂ ਰਿਫ਼ਰੈਸ਼ਮੈਂਟ ਲੈ ਕੇ ਖਿਡਾਰਆਂ ਨੇ ਸਾਰੀ ਰਹਿੰਦ-ਖੂੰਹਦ ਨੂੰ ਰਸਤੇ ਵਿੱਚ ਸਥਾਪਤ ਕੀਤੇ ਡਸਟਬਿਨਾਂ ਵਿੱਚ ਪਾਇਆ।
ਮੂੰਹ ਹਨੇਰੇ ਤਿਉਹਾਰ ਵਾਂਗ ਸ਼ੁਰੂ ਹੋਈ ਇਸ ਮੈਰਾਥਨ ਦਾ ਉਤਸ਼ਾਹ ਇੰਨਾ ਕੁ ਸੀ ਕਿ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਦੇ ਨਾਲ-ਨਾਲ ਪ੍ਰਸ਼ਾਸਨਕ ਅਧਿਕਾਰੀਆਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ। ਜਲਾਲਾਬਾਦ ਦੇ ਐਸ.ਡੀ.ਐਮ. ਕੇਸ਼ਵ ਗੋਇਲ ਨੇ 5 ਕਿਲੋਮੀਟਰ ਦੀ ਦੌੜ ਪੂਰੀ ਕਰਕੇ ਵਾਹ-ਵਾਹੀ ਖੱਟੀ। ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ (ਸਵੀਪ) ਗਤੀਵਿਧੀਆਂ ਤਹਿਤ ਨੌਜਵਾਨਾਂ ਨੂੰ ਵੋਟ ਹੱਕ ਪ੍ਰਤੀ ਸੁਚੇਤ ਕਰਨ ਲਈ ਬੈਨਰ ਤੇ ਪੋਸਟਰਾਂ ਤੋਂ ਇਲਾਵਾ ਤਹਿਸੀਲਦਾਰ ਚੋਣਾਂ ਸ਼੍ਰੀ ਸਤਪਾਲ ਬਾਂਸਲ ਦੀ ਅਗਵਾਈ ਵਿੱਚ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨਾਂ ਦੇ ਸਟਾਲ ਲਾਏ ਗਏ, ਜਿਥੇ ਲੋਕਾਂ ਨੂੰ ਵੋਟਿੰਗ ਕਰਨ ਅਤੇ ਵੀ.ਵੀ.ਪੈਟ ਮਸ਼ੀਨ ਦੀ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ ਟੀ-ਸ਼ਰਟਾਂ 'ਤੇ ਛਪੇ ''ਪੰਜਾਬ ਕਰੇਗਾ ਮਤਦਾਨ'' ਅਤੇ 'ਨਸ਼ੇ ਛੱਡੋ-ਖੇਡਾਂ ਵੱਲ ਲੱਗੋ' ਦੇ ਨਾਅਰੇ ਵੀ ਲੋਕਾਂ ਦਾ ਧਿਆਨ ਖਿੱਚਦੇ ਰਹੇ।
ਮੈਰਾਥਨ ਦੌਰਾਨ ਸਾਰੇ ਰਸਤੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਅਤੇ ਮੁਢਲੀ ਸਿਹਤ ਸਹੂਲਤ ਲਈ ਸ਼ੁਰੂਆਤ ਅਤੇ ਟਰਨਿੰਗ ਪੁਆਇੰਟਾਂ 'ਤੇ ਐਂਬੂਲੈਂਸ ਲਾਉਣ ਸਣੇ ਇੱਕ ਮੋਬਾਈਲ ਐਂਬੂਲੈਂਸ ਖਿਡਾਰੀਆਂ ਦੇ ਨਾਲ-ਨਾਲ ਚਲਾਈ ਗਈ। ਇਸ ਤੋਂ ਇਲਾਵਾ ਯੂਥ ਸਰਵਿਸਿਜ਼ ਵਿਭਾਗ ਦੇ ਸਿਖਲਾਈ ਪ੍ਰਾਪਤ ਸੈਂਕੜੇ ਵਲੰਟੀਅਰਾਂ ਨੇ ਵੀ ਖਿਡਾਰੀਆਂ ਦੀ ਹਰ ਮੁਸ਼ਕਲ 'ਤੇ ਬਾਜ਼ ਅੱਖ ਰੱਖੀ।
ਇਸ ਦੌੜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਡੀ.ਐਸ.ਪੀ. ਹਰਪਿੰਦਰ ਕੌਰ ਗਿੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਵੰਤ ਸਿੰਘ, ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਪੰਮੀ ਸਿੰਘ, ਚੀਫ਼ ਲੀਡ ਬੈਂਕ ਮੈਨੇਜਰ ਸ਼੍ਰੀ ਪਰਮਜੀਤ ਕੋਚਰ, ਰੈੱਡ ਕਰਾਸ ਸਕੱਤਰ ਸ਼੍ਰੀ ਸੁਭਾਸ਼ ਅਰੋੜਾ, ਚੋਣ ਕਾਨੂੰਨਗੋ ਹਰਬੰਸ ਸਿੰਘ, ਪ੍ਰਿੰਸੀਪਲ ਰਾਜਿਦਰ ਕੁਮਾਰ ਵਿਖੋਨਾ, ਯੂਥ ਸਰਵਿਸਿਜ਼ ਵਿਭਾਗ ਤੋਂ ਅੰਕਿਤ ਕਟਾਰੀਆ, ਸਵੀਮਿੰਗ ਕੋਚ ਨਰੇਸ਼ ਰਜੌਰੀਆ ਅਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਬਾਖ਼ੂਬੀ ਭੂਮਿਕਾ ਨਿਭਾਈ।

No comments:

Post a Comment