Thursday 28 March 2019

Fazilka :- ਫ਼ਾਜ਼ਿਲਕਾ ਵੋਟਰ ਜਾਗਰੂਕਤਾ ਮੈਰਾਥਨ 31 ਮਾਰਚ ਨੂੰ :- X Media Punjab

ਫ਼ਾਜ਼ਿਲਕਾ ਵੋਟਰ ਜਾਗਰੂਕਤਾ ਮੈਰਾਥਨ ਦਾ ਪੋਸਟਰ ਤੇ ਸਟਿੱਕਰ ਜਾਰੀ

* 31 ਮਾਰਚ ਨੂੰ 10 ਤੇ 5 ਕਿਲੋਮੀਟਰ ਦੀਆਂ ਮੈਰਾਥਨ ਦੌੜਾਂ ਐਮ.ਆਰ. ਸਰਕਾਰੀ ਕਾਲਜ ਤੋਂ ਸਵੇਰੇ 6:30 ਵਜੇ ਹੋਣਗੀਆਂ ਸ਼ੁਰੂ

 
 
ਫ਼ਾਜ਼ਿਲਕਾ :- ਜ਼ਿਲ੍ਹਾ ਫ਼ਾਜ਼ਿਲਕਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਕਰਵਾਈ ਜਾ ਰਹੀ ''ਫ਼ਾਜ਼ਿਲਕਾ ਵੋਟਰ ਜਾਗਰੂਕਤਾ ਮੈਰਾਥਨ'' ਦਾ ਪੋਸਟਰ ਅਤੇ ਸਟਿੱਕਰ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ.ਪੀ. ਸਿੰਘ ਨੇ ਸਿਵਲ ਤੇ ਪੁਲਿਸ ਦੇ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਜਾਰੀ ਕੀਤਾ। 31 ਮਾਰਚ ਨੂੰ ਸਥਾਨਕ ਐਮ.ਆਰ. ਸਰਕਾਰੀ ਕਾਲਜ ਦੇ ਸਟੇਡੀਅਮ ਤੋਂ ਸਵੇਰੇ 6.30 ਵਜੇ ਸ਼ੁਰੂ ਹੋ ਕੇ ਕੌਮਾਂਤਰੀ ਸਰਹੱਦ ਵਾਲੇ ਪਾਸੇ ਤੱਕ ਜਾਣ ਵਾਲੀਆਂ 5 ਅਤੇ 10 ਕਿਲੋਮੀਟਰ ਦੀਆਂ ਮੈਰਾਥਨ ਦੌੜਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਦੌਰਾਨ ਡਾ. ਆਰ.ਪੀ. ਸਿੰਘ ਨੇ ਜਿਥੇ ਸਮੂਹ ਪ੍ਰਬੰਧਕੀ ਵਿਭਾਗਾਂ ਤਿਆਰੀਆਂ ਨੂੰ ਅੰਤਮ ਰੂਪ ਦੇਣ ਦੀ ਹਦਾਇਤ ਕੀਤੀ, ਉਥੇ ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ 'ਚੋਣ ਪ੍ਰਕਿਰਿਆ ਅਤੇ ਸਿਹਤ ਪ੍ਰਤੀ ਜਾਗਰੂਕਤਾ' ਦਾ ਸੁਨੇਹਾ ਦੇਣ ਵਾਲੀ ਇਸ ਮੈਰਾਥਨ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਨਾਲ-ਨਾਲ ਇਸ ਵਾਰ ਵੀ.ਵੀ.ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਬਾਰੇ ਚੋਣ ਕਮਿਸ਼ਨ ਵੱਲੋਂ ਲੋਕਾਂ ਨੂੰ ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ (ਸਵੀਪ) ਗਤੀਵਿਧੀਆਂ ਤਹਿਤ ਇਨ੍ਹਾਂ ਦੋਵਾਂ ਵੋਟਿੰਗ ਮਸ਼ੀਨਾਂ ਦੇ ਕੰਮਕਾਜ ਅਤੇ ਨੌਜਵਾਨਾਂ ਨੂੰ ਆਪਣੀ ਵੋਟ ਬਣਵਾ ਕੇ ਵੋਟਿੰਗ ਪ੍ਰਕਿਰਿਆ ਵਿੱਚ ਭਰਵੀਂ ਸ਼ਮੂਲੀਅਤ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੋਟ ਪ੍ਰਕਿਰਿਆ ਅਤੇ ਸਿਹਤ ਪ੍ਰਤੀ ਜਾਗਰੂਕਤਾ ਦੇ ਮਨਸ਼ੇ ਨਾਲ ਕਰਵਾਈ ਜਾ ਰਹੀ ਮੈਰਾਥਨ ਦਾ ਮੋਟੋ ਵੀ ''ਤੁਹਾਡੀ ਵੋਟ, ਤੁਹਾਡੀ ਆਵਾਜ਼'' ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਟੇਡੀਅਮ ਵਿਖੇ ਜੁੜੇ ਇਕੱਠ ਨੂੰ ਵੱਖ-ਵੱਖ ਢੰਗ-ਤਰੀਕਿਆਂ ਨਾਲ ਵੋਟ ਪ੍ਰਕਿਰਿਆ ਅਤੇ ਵੋਟਿੰਗ ਮਸ਼ੀਨਾਂ ਬਾਰੇ ਜਾਣੂ ਕਰਵਾਇਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੈਰਾਥਨ ਵਿੱਚ ਜੇਤੂ ਰਹਿਣ ਵਾਲੇ ਵਿਅਕਤੀਆਂ ਨੂੰ ਤਮਗ਼ੇ ਅਤੇ ਸਰਟੀਫ਼ਿਕੇਟ ਨਾਲ ਨਿਵਾਜਿਆ ਜਾਵੇਗਾ ਜਦਕਿ ਰਜਿਸਟ੍ਰੇਸ਼ਨ ਕਰਵਾ ਕੇ ਦੋਵਾਂ ਵਰਗਾਂ ਦੀਆਂ ਮੈਰਾਥਨ ਦੌੜਾਂ ਵਿੱਚ ਭਾਗ ਲੈਣ ਵਾਲੇ ਸਾਰੇ ਮੁਕਾਬਲੇਬਾਜ਼ਾਂ ਨੂੰ ਟੀ-ਸ਼ਰਟਾਂ, ਸਰਟੀਫ਼ਿਕੇਟ ਅਤੇ ਰਿਫ਼ਰੈਸ਼ਮੈਂਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਕੋਲ 1000 ਤੋਂ ਵੱਧ ਜ਼ਿਲ੍ਹਾ ਵਾਸੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੈਰਾਥਨ ਦੌੜ ਤੋਂ ਘੰਟਾ ਪਹਿਲਾਂ ਸਟੇਡੀਅਮ ਵਿਖੇ ਲਾਏ ਗਏ 8 ਕਾਊਂਟਰਾਂ ਤੋਂ ਰਜਿਸਟਰਡ ਖਿਡਾਰੀਆਂ ਨੂੰ ਟੀ-ਸ਼ਰਟਾਂ ਅਤੇ ਬਿੱਬ ਕਿੱਟਾਂ ਸੌਂਪੀਆਂ ਜਾਣਗੀਆਂ। ਇਸ ਲਈ ਸਾਰੇ ਮੁਕਾਬਲੇਬਾਜ਼ ਪਹਿਲਾਂ ਪਹੁੰਚਣਾ ਯਕੀਨੀ ਬਣਾਉਣ। ਵਧੀਕ ਡਿਪਟੀ ਕਮਿਸ਼ਨਰ ਨੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਸਬੰਧਤ ਜ਼ਿੰਮੇਵਾਰੀਆਂ ਨੂੰ ਛੇਤੀ ਤੋਂ ਛੇਤੀ ਅੰਤਮ ਰੂਪ ਦੇਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਮੈਰਾਥਨ ਵਿੱਚ ਕਿਸੇ ਕਿਸਮ ਦੀ ਊਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
 
ਸਿਖਲਾਈ ਪ੍ਰਾਪਤ 60 ਵਲੰਟੀਅਰ ਸਾਂਭਣਗੇ ਕਮਾਂਡ:
ਦੋਵਾਂ ਮੈਰਾਥਨ ਦੌੜਾਂ ਵਿੱਚ ਭਾਗ ਲੈਣ ਵਾਲੇ ਮੁਕਾਬਲੇਬਾਜ਼ਾਂ ਦੀ ਸੌਖ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 60 ਵਲੰਟੀਅਰ ਨੂੰ ਉਚੇਚੀ ਸਿਖਲਾਈ ਦਿੱਤੀ ਜਾ ਰਹੀ ਹੈ, ਜੋ ਸਟੇਡੀਅਮ ਵਿਚਲੇ ਸ਼ੁਰੂਆਤੀ ਸਥਾਨ ਤੋਂ ਲੈ ਕੇ ਟਰਨਿੰਗ ਪੁਆਇੰਟ ਅਤੇ ਸਟੇਡੀਅਮ ਵਿਖੇ ਹੀ ਸਮਾਪਤੀ ਸਥਾਨ ਤੱਕ ਦੇ ਰਸਤੇ ਵਿੱਚ ਥਾਂ-ਥਾਂ ਤੈਨਾਤ ਰਹਿਣਗੇ। ਇਨ੍ਹਾਂ ਵਲੰਟੀਅਰਾਂ ਨੂੰ ਹਰ ਤਰ੍ਹਾਂ ਦੀ ਛੋਟੀ-ਵੱਡੀ ਮੁਸ਼ਕਲ ਨੂੰ ਹੱਲ ਕਰਨ ਲਈ ਚੰਡੀਗੜ੍ਹ ਤੋਂ ਆਈ ਟੀਮ ਵੱਲੋਂ ਤਿਆਰੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਮੁਢਲੀ ਸਿਹਤ ਸਹੂਲਤ ਮੁਹੱਈਆ ਕਰਾਉਣ ਲਈ ਮੈਡੀਕਲ ਟੀਮਾਂ ਤੈਨਾਤ ਕੀਤੀਆਂ ਜਾਣਗੀਆਂ ਜਦਕਿ 2 ਐਂਬੂਲੈਂਸਾਂ ਸ਼ੁਰੂਆਤ ਤੇ ਅਖ਼ੀਰ ਵਿੱਚ ਖੜੀਆਂ ਕੀਤੀਆਂ ਜਾਣਗੀਆਂ ਅਤੇ 1 ਮੋਬਾਈਲ ਐਂਬੂਲੈਂਸ ਖਿਡਾਰੀਆਂ ਦ ਨਾਲ-ਨਾਲ ਚੱਲੇਗੀ।
 
ਸਮਾਜ ਸੇਵੀ ਸੰਸਥਾਵਾਂ ਦੇ ਸਫ਼ਾਈ ਰੱਖਣ ਦੇ ਸੁਝਾਅ ਦੀ ਸ਼ਲਾਘਾ:
ਮੀਟਿੰਗ ਦੌਰਾਨ ਰੌਬਿਨਹੁੱਡ ਆਰਮੀ, ਸੇਵਾ ਭਾਰਤੀ, ਭਾਰਤ ਵਿਕਾਸ ਪ੍ਰੀਸ਼ਦ, ਦੁਖ ਨਿਵਾਰਣ ਬਾਲਾ ਜੀ ਧਾਮ, ਦੁਰਗਿਆਣਾ ਮੰਦਰ ਸੁਸਾਇਟੀ, ਵੂਮੈਨ ਵੈਲਫ਼ੇਅਰ ਐਸੋਸੀਏਸ਼ਨ, ਗੌਡ ਗਿਫ਼ਟਿਡ ਸੁਸਾਇਟੀ, ਦੁਸ਼ਟ ਦਮਨ ਧਰਮ ਰਕਸ਼ਿਣੀ ਸਭਾ, ਸੋਸ਼ਲ ਵੈਲਫ਼ੇਅਰ ਸੁਸਾਇਟੀ, ਲਾਇਨਜ਼ ਕਲੱਬ ਵਿਸ਼ਾਲ ਅਤੇ ਰਿਟਾਇਰਡ ਆਫ਼ਿਸਰਜ਼ ਐਸੋਸੀਏਸ਼ਨ ਆਦਿ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਮੈਰਾਥਨ ਦੌੜ ਦੌਰਾਨ ਸਫ਼ਾਈ ਰੱਖਣ ਦੇ ਸੁਝਾਵਾਂ ਦੀ ਵਧੀਕ ਡਿਪਟੀ ਕਮਿਸ਼ਨਰ ਨੇ ਉਚੇਚੇ ਤੌਰ 'ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਾਲਾਂਕਿ ਮਿਊਸੀਂਪਲ ਕਮੇਟੀ ਦੇ ਅਧਿਕਾਰੀਆਂ ਨੂੰ ਸਟੇਡੀਅਮ ਅਤੇ ਮੈਰਾਥਨ ਰੂਟ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਪਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਆਪਣੀ ਅਗਾਂਹਵਧੂ ਸੋਚ ਲਈ ਵਧਾਈ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਮੈਰਾਥਨ ਦੇ ਰੂਟ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਥਾਂ-ਥਾਂ 'ਤੇ ਡਸਟਬਿਨ ਲਾਉਣ ਸਣੇ ਥਾਂ-ਥਾਂ ਆਰਜ਼ੀ ਪਖ਼ਾਨਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦਾ ਉਚੇਚਾ ਪ੍ਰਬੰਧ ਕੀਤਾ ਜਾ ਰਿਹਾ ਹੈ। ੳਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪ੍ਰਸ਼ਾਸਨ ਦੇ ਇਸ ਲੋਕ-ਪੱਖੀ ਉਪਰਾਲੇ ਵਿੱਚ ਵੱਧ-ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਐਸ.ਡੀ.ਐਮ. ਫ਼ਾਜ਼ਿਲਕਾ ਸ਼੍ਰੀ ਸੁਭਾਸ਼ ਖਟਕ, ਐਸ.ਡੀ.ਐਮ. ਜਲਾਲਾਬਾਦ ਸ਼੍ਰੀ ਕੇਸ਼ਵ ਗੋਇਲ, ਡੀ.ਐਸ.ਪੀ. ਐਚ ਹਰਪਿੰਦਰ ਕੌਰ ਗਿੱਲ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਸੁਨੀਲ ਕੁਮਾਰ, ਸਿਵਲ ਸਰਜਨ ਡਾ. ਦਵਿੰਦਰ ਭੁੱਕਲ, ਸਵੀਮਿੰਗ ਕੋਚ ਸ਼੍ਰੀ ਨਰੇਸ਼, ਤਹਿਸੀਲਦਾਰ ਚੋਣਾਂ ਸ਼੍ਰੀ ਸੱਤਪਾਲ ਬਾਂਸਲ, ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਪ੍ਰਿੰਸੀਪਲ ਰਾਜਿੰਦਰ ਕੁਮਾਰ ਵਿਖੋਨਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

No comments:

Post a Comment