ਕੰਬਾਈਨਾਂ ਰਾਹੀਂ ਕਣਕ ਦੀ ਕਟਾਈ ਦਾ ਸਮਾਂ ਤੈਅ
★ ਪੁਰਾਣੀਆਂ ਕੰਬਾਈਨਾਂ ਨਾਲ ਕਣਕ ਦੀ ਕਟਾਈ ਕਰਨ 'ਤੇ ਪਾਬੰਦੀ ਦੇ ਹੁਕਮ
ਫ਼ਾਜ਼ਿਲਕਾ। ਜ਼ਿਲ੍ਹਾ ਮੈਜ਼ਿਸਟ੍ਰੇਟ ਸ. ਮਨਪ੍ਰੀਤ ਸਿੰਘ ਨੇ ਫ਼ੌਜਦਾਰੀ ਦੰਡ ਸੰਘਤਾ 1973 ਦੀ ਧਾਰਾ 144 ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਕੰਬਾਈਨਾਂ ਰਾਹੀਂ ਕਣਕ ਦੀ ਕਟਾਈ ਨਾ ਕਰਨ ਅਤੇ ਪੁਰਾਣੀਆਂ ਨੁਕਸਦਾਰ ਕੰਬਾਈਨਾਂ ਚਲਾਉਣ 'ਤੇ ਪਾਬੰਦੀ ਦੇ ਹੁਕਮ ਦਿੱਤੇ ਹਨ। ਇਹ ਹੁਕਮ 30 ਮਈ 2019 ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜ਼ਿਸਟ੍ਰੇਟ ਨੇ ਜਾਰੀ ਹੁਕਮਾਂ ਵਿੱਚ ਕਿਹਾ ਕਿ ਸਾਲ 2019 ਦੀ ਫ਼ਸਲ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਵੇਖਣ ਵਿੱਚ ਆਉਂਦਾ ਹੈ ਕਿ ਕਈ ਕੰਬਾਈਨ ਮਾਲਕਾਂ ਵੱਲੋਂ ਕਣਕ ਨੂੰ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਹੀ ਕੱਟ ਦਿੱਤਾ ਜਾਂਦਾ ਹੈ ਜਿਸ ਕਾਰਨ ਕਣਕ ਵਿੱਚ ਨਮੀ ਦੀ ਮਾਤਰਾ ਰਹਿ ਜਾਂਦੀ ਹੈ। ਕਿਸਾਨਾਂ ਵੱਲੋਂ ਨਮੀ ਵਾਲੀ ਕਣਕ ਮੰਡੀਆਂ ਵਿੱਚ ਲਿਆਉਣ ਕਰਕੇ ਖਰੀਦ ਏਜੰਸੀਆਂ ਵੱਲੋਂ ਉਸ ਕਣਕ ਦੀ ਬੋਲੀ ਨਹੀਂ ਕੀਤੀ ਜਾਂਦੀ, ਜਿਸ ਕਰਕੇ ਮੰਡੀਆਂ ਵਿੱਚ ਤਣਾਅ-ਪੂਰਨ ਸਥਿਤੀ ਪੈਦਾ ਹੋ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਉਕਤ ਸਮੇਂ ਦੌਰਾਨ ਕੰਬਾਈਨਾਂ ਰਾਹੀਂ ਕਣਕ ਦੀ ਕਟਾਈ ਨਾ ਕਰਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਹੁਤੇ ਕਿਸਾਨਾਂ ਵੱਲੋਂ ਪੁਰਾਣੀਆਂ ਕੰਬਾਈਨਾਂ ਨਾਲ ਕਣਕ ਦੀ ਕਟਾਈ ਕੀਤੀ ਜਾਂਦੀ ਹੈ। ਅਜਿਹੀਆਂ ਕੰਬਾਈਨਾਂ ਵਿੱਚ ਮਕੈਨੀਕਲ ਨੁਕਸ ਹੋਣ ਕਾਰਨ ਟੁੱਟੇ ਹੋਏ ਦਾਣਿਆਂ ਦੀ ਮਾਤਰਾ ਵੀ ਮਾਪਦੰਡਾਂ ਤੋਂ ਕਾਫੀ ਵੱਧ ਜਾਂਦੀ ਹੈ ਅਤੇ ਇਹ ਪੁਰਾਣੀਆਂ ਕੰਬਾਈਨਾਂ ਦਾਣੇ ਨਾੜ ਰਾਹੀਂ ਹੇਠਾਂ ਸੁੱਟ ਦਿੰਦਿਆਂ ਹਨ। ਜਿਸ ਕਰਕੇ ਕਣਕ ਦੀ ਕੁਆਲਿਟੀ ਖਰਾਬ ਹੋਣ ਦੇ ਨਾਲ-ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵਾਂ ਕਾਰਨਾਂ ਨਾਲ ਨਜਿੱਠਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।
No comments:
Post a Comment