ਆਨਲਾਈਨ ਡੈਸਕ ਫ਼ਾਜ਼ਿਲਕਾ
ਪੰਜਾਬ ਰਾਜ ਖੇਡਾਂ 2019 ਦੌਰਾਨ ਫਾਜ਼ਿਲਕਾ ਦੀ ਟੀਮ ਨੇ ਦੂਜੀ ਵਾਰ ਬਾਜ਼ੀ ਮਾਰ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਸੰਗਰੂਰ ਵਿਖੇ ਹੋਈਆਂ ਅੰਡਰ-11 ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੀ ਕਬੱਡੀ ਟੀਮ ਨੇ ਸਰਕਲ ਕੱਬਡੀ ਦਾ ਫਾਈਨਲ ਮੈਚ ਜਿੱਤ ਕੇ ਗੋਲਡ ਮੈਡਲ ਹਾਸਲ ਕੀਤਾ। ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਜੇਤੂ ਟੀਮ ਦੇ ਖਿਡਾਰੀਆਂ ਅਤੇ ਕੋਚ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਖਿਡਾਰੀਆਂ ਦੇ ਰੋਸ਼ਣ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੁੜ ਕੇ ਮੱਲਾਂ ਮਾਰਨ ਦਾ ਸੱਦਾ ਦਿੱਤਾ।
ਉਨ੍ਹਾਂ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਹੋਰਨਾਂ ਖੇਡ ਮੁਕਾਬਲਿਆਂ ’ਚ ਵੀ ਇਸੇ ਤਰ੍ਹਾਂ ਹੀ ਜਿੱਤ ਪ੍ਰਾਪਤ ਕਰਕੇ ਭਵਿੱਖ ਅੰਦਰ ਜ਼ਿਲੇ੍ਹ ਦਾ ਨਾਮ ਰੋਸ਼ਨ ਕਰਨ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਖੇਡਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਤੋਂ ਪ੍ਰੇਰਿਤ ਹੋ ਕੇ ਹੋਰਨਾਂ ਖਿਡਾਰੀਆਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਫਾਜ਼ਿਲਕਾ ਦੀ ਜੇਤੂ ਟੀਮ ਦੀ ਅਗਵਾਈ ਕਰ ਰਹੇ ਕੋਚ ਕੁਲਦੀਪ ਸਿੰਘ ਸਭਰਵਾਲ ਨੇ ਦੱਸਿਆ ਕਿ ਮੈਚ ਦੌਰਾਨ ਖਿਡਾਰੀਆਂ ਨੇ ਫਾਇਨਲ ’ਚ ਲੁਧਿਆਣਾ ਦੀ ਟੀਮ ਨੂੰ 30-38 ਫਰਕ ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਫ਼ਾਜ਼ਿਲਕਾ ਦੀ ਟੀਮ ਜੇਤੂ ਰਹਿ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਬੱਡੀ ਤੋਂ ਇਲਾਵਾ ਚੈੱਸ ਖੇਡਣ ਵਾਲੀਆਂ ਲੜਕੀਆਂ ਨੇ ਸਿਲਵਰ ਮੈਡਲ, ਗੱਤਕਾ ਟੀਮ ਨੇ ਸਿਲਵਰ ਮੈਡਲ, ਕੁਸਤੀ 30 ਕਿੱਲੋ ਵਿੱਚ ਸਿਲਵਰ, ਰੋਪ ਸਕਿਪਿੰਗ ਵਿੱਚ ਦੋ ਗੋਲਡ ਮੈਡਲ, ਕਰਾਟੇ ’ਚ ਬਰਾਂਜ ਮੈਡਲ, ਬੈਡਮਿੰਟਨ ਖੇਡਣ ਵਾਲੇ ਲੜਕਿਆਂ ਨੇ ਸਿਲਵਰ ਮੈਡਲ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
No comments:
Post a Comment