Sunday 14 July 2019

x media news | ਸੁਖਬੀਰ ਸਿੰਘ ਬਾਦਲ ਕਿਸਾਨਾਂ ਅਤੇ ਗਰੀਬਾਂ ਨੂੰ ਭੇਜੇ ਵੱਡੇ ਬਿਜਲੀ ਦੇ ਬਿਲਾਂ ਵਿਰੁੱਧ ਅੰਦੋਲਨ ਕਰਨਗੇ

ਬਿਜਲੀ ਦਰਾਂ ਵਿਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ

 

ਨਵਜੋਤ ਸਿੱਧੂ ਨੇ ਕਾਂਗਰਸ ਨੂੰ ਬਲੈਕਮੇਲ ਕਰਨ ਲਈ ਇੱਕ ਮਹੀਨਾ ਪਹਿਲਾਂ ਅਸਤੀਫਾ ਦੇ ਦਿੱਤਾ ਸੀ


 
ਜਲਾਲਾਬਾਦ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਉਹਨਾਂ ਕਿਸਾਨਾਂ ਅਤੇ ਗਰੀਬਾਂ, ਜਿਹਨਾਂ ਨੂੰ ਬਿਜਲੀ ਦੇ ਵੱਡੇ  ਬਿਲ ਭੇਜੇ ਗਏ ਹਨ, ਨੂੰ ਭਰੋਸਾ ਦਿਵਾਇਆ ਹੈ ਕਿ ਅਕਾਲੀ ਦਲ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਇੱਕ ਅੰਦੋਲਨ ਸ਼ੁਰੂ ਕਰੇਗਾ।

ਅੱਜ ਇਸ ਜ਼ਿਲ੍ਹੇ ਦੇ ਪਿੰਡਾਂ ਮਹਿਕਮ ਅਰਾਈਆਂ, ਧਾਂਦੀ ਖੁਰਦ, ਕਾਹਨੇ ਵਾਲਾ, ਰਾਮ ਸ਼ਰਨ ਕਲੋਨੀ, ਧਾਂਦੀ ਕਦੀਮ, ਆਤੂਵਾਲਾ, ਆਲਮ ਕੇ,ਢਾਣੀ ਪੰਜਾਬਪੁਰਾ, ਨਾਨਕ ਨਗਰ, ਲਾਧੂਵਾਲਾ,ਸੁਖੇਰਾ ਬੋਦਲਾ ਅਤੇ ਫੱਤੂਵਾਲਾ ਵਿਖੇ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਗਰੀਬ ਲੋਕਾਂ ਨੂੰ ਹਜ਼ਾਰਾਂ ਰੁਪਏ ਦੇ ਬਿਲ ਭੇਜੇ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬਾਂ ਨੂੰ ਦਿੱਤੀ ਅੰਸ਼ਿਕ ਮੁਫਤ ਬਿਜਲੀ ਦੀ ਸਹੂਲਤ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਗਰੀਬ ਜਨਤਾ ਉੱਤੇ ਵੱਡੇ ਬਿਜਲੀ ਬਿਲਾਂ ਦਾ ਬੋਝ ਪਾ ਦਿੱਤਾ ਗਿਆ ਹੈ, ਜਿਹੜੇ ਪਿਛਲੇ ਸਮੇਂ ਤੋਂ ਲਾਗੂ ਕਰ ਦਿੱਤੇ ਗਏ ਹਨ। ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਸਰਕਾਰ ਨੂੰ ਵਧਾਏ ਹੋਏ ਬਿਲ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇਗਾ।

 
 
ਅਕਾਲੀ ਦਲ ਪ੍ਰਧਾਨ ਨੇ ਬਿਜਲੀ ਦਰਾਂ ਵਿਚ ਕੀਤਾ ਵਾਧਾ ਵੀ ਤੁਰੰਤ ਵਾਪਸ ਲੈਣ ਦੀ  ਮੰਗ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਵਾਰ ਵਾਰ ਵਾਧਾ ਕਰਕੇ ਬਿਜਲੀ ਦਰਾਂ 25 ਤੋਂ 33 ਫੀਸਦੀ ਤਕ ਵਧਾਈਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਮਹਿਜ਼ ਦੋ ਸਾਲ ਦੇ ਸਮੇਂ ਵਿਚ ਕੀਤਾ ਇੰਨਾ ਵੱਡਾ ਵਾਧਾ ਆਮ ਆਦਮੀ ਲਈ ਅਸਹਿ ਹੈ। ਉਹਨਾਂ ਬਿਜਲੀ ਦੇ ਲੱਗ ਰਹੇ ਵੱਡੇ ਕੱਟਾਂ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ।

ਆਪਣੀਆਂ ਪ੍ਰਮੁੱਖਤਾਵਾਂ ਬਾਰੇ ਦੱਸਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹ ਗਰੀਬਾਂ ਦੇ ਪੱਕੇ ਮਕਾਨ ਬਣਾਉਣ ਲਈ ਕੇਂਦਰੀ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹ ਜਲਦੀ ਹੀ ਇੱਕ ਪ੍ਰੋਗਰਾਮ ਤਿਆਰ ਕਰਨਗੇ ਤਾਂ ਕਿ ਇਸ ਸਕੀਮ ਨੂੰ ਪੜਾਅਵਾਰ ਪੂਰੇ ਹਲਕੇ ਅੰਦਰ ਲਾਗੂ ਕੀਤਾ ਜਾ ਸਕੇ।

 
 
ਅਕਾਲੀ ਦਲ ਪ੍ਰਧਾਨ ਨੇ ਵਿਕਾਸ ਕਾਰਜਾਂ ਨੂੰ ਠੱਪ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਿਸਾਨਾਂ ਨੂੰ ਵੀ ਖੇਤੀਬਾੜੀ ਲਈ ਕੋਈ ਮੱਦਦ ਨਹੀਂ ਦਿੱਤੀ ਜਾ ਰਹੀ ਹੈ। ਉਹਨਾਂ ਕਿਸਾਨਾਂ ਨੂੰ ਡੇਅਰੀ ਸੈਕਟਰ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਪ੍ਰਾਜੈਕਟ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਹਨਾਂ ਪ੍ਰਾਜੈਕਟਾਂ ਨੂੰ ਕੇਂਦਰੀ ਸਬਸਿਡੀਆਂ ਸਮੇਤ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰਨਗੇ।

ਜਦੋਂ ਉਹਨਾਂ ਕੋਲੋਂ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਵੱਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜੇ ਅਸਤੀਫੇ ਬਾਰੇ ਸੁਆਲ ਪੁੱਛਿਆ ਤਾਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਿੱਧੂ ਨੂੰ ਡਰਾਮੇ ਕਰਨ ਦੀ ਆਦਤ ਹੈ।  ਉਹਨਾਂ ਕਿਹਾ ਕਿ ਗਾਂਧੀ ਨੂੰ ਚਿੱਠੀ ਲਿਖਣ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਅਸਤੀਫਾ ਦੇਣ ਲਈ ਮੁੱਖ ਮੰਤਰੀ ਨੂੰ ਭੇਜਿਆ ਇੱਕ ਸਤਰ ਦਾ ਸੁਨੇਹਾ ਕਾਫੀ ਹੋਣਾ ਸੀ। ਉਹਨਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਬਲੈਕਮੇਲ ਕਰਨ ਅਤੇ ਆਪਣੀ ਮਰਜ਼ੀ ਮੁਤਾਬਿਕ ਝੁਕਾਉਣ ਲਈ ਇੱਕ ਮਹੀਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਸਿੱਧੂ ਇੱਕ ਬਹੁਤ ਵੱਡਾ ਮੌਕਾਪ੍ਰਸਤ ਹੈ, ਜੋ ਹਮੇਸ਼ਾਂ ਸਿਰਫ ਆਪਣੇ ਫਾਇਦੇ ਬਾਰੇ ਸੋਚਦਾ ਹੈ। 
 
 

No comments:

Post a Comment